4 ਮਾਰਚ, 2021
ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੁਸੀਂ WhatsApp ਦੀ ਡੈਸਕਟਾਪ ਐਪ ਵਿੱਚ ਵੌਇਸ ਅਤੇ ਵੀਡੀਓ ਕਾਲ ਦਾ ਅਨੰਦ ਮਾਣ ਸਕਦੇ ਹੋ।
ਪਿਛਲੇ ਸਾਲ ਦੌਰਾਨ ਲੋਕਾਂ ਵਿੱਚ WhatsApp ਉੱਤੇ ਕਾਲ ਕਰਨ ਦਾ ਰੁਝਾਨ ਕਾਫੀ ਵਧਿਆ ਹੈ, ਖਾਸ ਤੌਰ 'ਤੇ ਲੰਮੀਆਂ ਕਾਲਾਂ ਕਰਨ ਦਾ ਰੁਝਾਨ। ਪਿਛਲੇ ਸਾਲ ਨਵੇਂ ਸਾਲ ਦੇ ਮੌਕੇ, ਸਾਡੇ ਵਰਤੋਂਕਾਰਾਂ ਨੇ WhatsApp ਉੱਤੇ 1.4 ਬਿਲੀਅਨ ਵੌਇਸ ਅਤੇ ਵੀਡੀਓ ਕਾਲਾਂ ਦੇ ਨਾਲ, ਇੱਕ ਦਿਨ ਵਿੱਚ ਸਭ ਤੋਂ ਵੱਧ ਕਾਲਾਂ ਕਰਨ ਦਾ ਰਿਕਾਰਡ ਬਣਾ ਦਿੱਤਾ ਸੀ। ਵਰਤਮਾਨ ਸਥਿਤੀ ਵਿੱਚ ਕਈ ਲੋਕ ਹਾਲੇ ਵੀ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹਨ, ਅਤੇ ਕੰਮ ਕਰਨ ਦੇ ਨਵੇਂ ਤਰੀਕਿਆਂ ਨੂੰ ਅਪਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਅਸੀਂ ਚਾਹੁੰਦੇ ਹਾਂ ਕਿ WhatsApp ਉੱਤੇ ਕੀਤੀ ਗੱਲਬਾਤ, ਉਹਨਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਨਜ਼ਦੀਕੀ ਨਾਲ ਜੁੜੇ ਰਹਿਣ ਦਾ ਅਹਿਸਾਸ ਕਰਵਾਏ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ ਜਾਂ ਕਿਸੇ ਵੀ ਤਕਨਾਲੋਜੀ ਦਾ ਇਸਤੇਮਾਲ ਕਰਦੇ ਹੋਣ।
ਵੱਡੀ ਸਕ੍ਰੀਨ ਉੱਤੇ ਗੱਲਬਾਤ ਕਰਨ ਦਾ ਇੱਕ ਅਲੱਗ ਹੀ ਮਜ਼ਾ ਆਉਂਦਾ ਹੈ, ਇਸ ਨਾਲ ਆਪਣੇ ਸਹਿਕਰਮੀਆਂ ਨਾਲ ਕੰਮ ਕਰਨਾ ਵੀ ਸੌਖਾ ਹੋ ਜਾਂਦਾ ਹੈ ਅਤੇ ਹੱਥ ਵਿੱਚ ਫ਼ੋਨ ਫੜ੍ਹ ਕੇ ਰੱਖੇ ਬਿਨਾਂ, ਆਪਣੇ ਪਰਿਵਾਰ ਨੂੰ ਇੱਕ ਵੱਡੀ ਸਕ੍ਰੀਨ ਉੱਤੇ ਬਿਲਕੁਲ ਸਾਫ਼ ਅਤੇ ਸਪਸ਼ਟ ਦੇਖਣ ਦਾ ਅਨੁਭਵ ਰੂਹ ਖੁਸ਼ ਕਰ ਦਿੰਦਾ ਹੈ। ਡੈਸਕਟਾਪ ਕਾਲਿੰਗ ਨੂੰ ਹੋਰ ਉਪਯੋਗੀ ਬਣਾਉਣ ਲਈ, ਅਸੀਂ ਪੱਕਾ ਕੀਤਾ ਹੈ ਕਿ ਇਹ ਪੋਰਟ੍ਰੇਟ ਅਤੇ ਲੈਂਡਸਕੇਪ ਦੋਹਾਂ ਸਥਿਤੀਆਂ ਵਿੱਚ ਚੰਗੀ ਤਰ੍ਹਾਂ ਕੰਮ ਕਰੇ ਅਤੇ ਆਪਣੇ ਕੰਪਿਊਟਰ ਦੀ ਸਕ੍ਰੀਨ ਉੱਤੇ ਤੁਸੀਂ ਆਪਣੀ ਇੱਛਾ ਅਨੁਸਾਰ ਵਿੰਡੋ ਦਾ ਆਕਾਰ ਘਟਾ-ਵਧਾ ਸਕੋ। ਇਸਦੇ ਨਾਲ ਹੀ ਅਸੀਂ ਇਸਨੂੰ ਹਮੇਸ਼ਾ ਸਭ ਤੋਂ ਮੂਹਰੇ ਦਿਖਾਈ ਦੇਣ ਲਈ ਸੈੱਟ ਕੀਤਾ ਹੈ ਤਾਂ ਜੋ ਤੁਹਾਡੀ ਵੀਡੀਓ ਚੈਟ, ਬ੍ਰਾਉਜ਼ਰ ਦੀ ਕਿਸੇ ਹੋਰ ਟੈਬ ਜਾਂ ਵਿੰਡੋ ਪਿੱਛੇ ਲੁਕੀ ਨਾ ਰਹਿ ਜਾਵੇ।
WhatsApp ਉੱਤੇ ਕੀਤੀਆਂ ਜਾਣ ਵਾਲੀਆਂ ਵੌਇਸ ਅਤੇ ਵੀਡੀਓ ਕਾਲਾਂ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੀਆਂ ਹਨ। ਇਸ ਲਈ ਭਾਵੇਂ ਤੁਸੀਂ ਆਪਣੇ ਫ਼ੋਨ ਤੋਂ ਕਾਲ ਕਰੋ ਜਾਂ ਆਪਣੇ ਕੰਪਿਊਟਰ ਤੋਂ, WhatsApp ਨਾ ਹੀ ਇਹਨਾਂ ਨੂੰ ਸੁਣ ਸਕਦਾ ਹੈ ਅਤੇ ਨਾ ਹੀ ਦੇਖ ਸਕਦਾ ਹੈ। ਇਸ ਵੇਲੇ ਅਸੀਂ WhatsApp ਡੈਸਕਟਾਪ ਐਪ ਵਿੱਚ ਸਿਰਫ਼ ਦੋ ਵਰਤੋਂਕਾਰਾਂ ਵਿਚਕਾਰ ਕਾਲ ਕਰਨ ਦਾ ਫੀਚਰ ਸ਼ੁਰੂ ਕਰ ਰਹੇ ਹਾਂ ਤਾਂ ਜੋ ਅਸੀਂ ਤੁਹਾਨੂੰ ਇੱਕ ਭਰੋਸੇਮੰਦ ਅਤੇ ਬਿਹਤਰੀਨ ਅਨੁਭਵ ਉਪਲਬਧ ਕਰਾ ਸਕੀਏ। ਭਵਿੱਖ ਵਿੱਚ ਅਸੀਂ ਇਸ ਫੀਚਰ ਦੇ ਵਿੱਚ 'ਗਰੁੱਪ ਵੌਇਸ ਅਤੇ ਵੀਡੀਓ ਕਾਲਾਂ' ਨੂੰ ਵੀ ਸ਼ਾਮਲ ਕਰਨ ਜਾ ਰਹੇ ਹਾਂ।
ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਨਿੱਜੀ ਅਤੇ ਸੁਰੱਖਿਅਤ ਡੈਸਕਟਾਪ ਕਾਲਿੰਗ ਕਰਕੇ ਬਹੁਤ ਚੰਗਾ ਲੱਗੇਗਾ। Windows PC ਅਤੇ Mac ਉੱਤੇ ਡੈਸਕਟਾਪ ਐਪ ਕਿਵੇਂ ਡਾਊਨਲੋਡ ਕਰਨੀ ਹੈ, ਇਸ ਬਾਰੇ ਹੋਰ ਜਾਣਕਾਰੀ ਤੁਸੀਂ ਇੱਥੇ ਪ੍ਰਾਪਤ ਕਰ ਸਕਦੇ ਹੋ।